ਨਵਾਂਸ਼ਹਿਰ (ਮਨੋਰੰਜਨ ਕਾਲੀਆ) : ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਦੀ ਯੋਗ ਰਹਿਨੁਮਾਈ ਹੇਠ ਜ਼ਿਲ੍ਹਾ ਸਿਹਤ ਵਿਭਾਗ, ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਅੰਦਰ ਬਿਹਤਰ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ।
ਇਸੇ ਕੜੀ ਤਹਿਤ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਹਰੀਸ਼ ਕਿਰਪਾਲ ਨੇ ਮੰਗਲਵਾਰ ਨੂੰ ਆਮ ਆਦਮੀ ਕਲੀਨਿਕ, ਕਾਠਗੜ੍ਹ ਤੇ ਪਨਿਆਲੀ ਦਾ ਦੌਰਾ ਕਰਕੇ ਸਾਰੇ ਸਿਹਤ ਪ੍ਰੋਗਰਾਮਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਅਤੇ ਉਨ੍ਹਾਂ ਦੇ ਟੀਚਿਆਂ ਦੀ ਮੁਕੰਮਲ ਪ੍ਰਾਪਤੀ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਨਵੰਬਰ ਤੇ ਦਸੰਬਰ ਮਹੀਨੇ ਦੇ ਸਿਹਤ ਪ੍ਰੋਗਰਾਮਾਂ ਦੇ ਪ੍ਰਗਤੀ ਕੰਮਾਂ ਦੀ ਸਮੀਖਿਆ ਕਰਦੇ ਹੋਏ ਸਿਹਤ ਕਲੀਨਿਕਾਂ 'ਤੇ ਤਾਇਨਾਤ ਸਮੁੱਚੇ ਸਟਾਫ ਨੂੰ ਕਿਹਾ ਕਿ ਮਾਤਰੀ ਮੌਤ ਦਰ ਘਟਾਉਣ ਲਈ ਕੁਆਲਿਟੀ ਐਂਟੀਨੇਟਲ ਕੇਅਰ ਸੇਵਾਵਾਂ ਮੁਹੱਈਆ ਕਰਵਾਉਣ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ। ਡਾ. ਹਰੀਸ਼ ਕਿਰਪਾਲ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਕੁਆਲਿਟੀ ਐਂਟੀਨੇਟਲ ਕੇਅਰ ਸੇਵਾਵਾਂ ਪ੍ਰਦਾਨ ਕਰਨ ਦੇ ਉਦੇਸ਼ ਨਾਲ, ਸਾਰੀਆਂ ਗਰਭਵਤੀ ਔਰਤਾਂ ਦੀ ਨਿਯਮਿਤ ਜਾਂਚ ਨੂੰ ਯਕੀਨੀ ਬਣਾਇਆ ਜਾਵੇ।
ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਆਮ ਲੋਕਾਂ ਦੇ ਆਭਾ ਅਕਾਊਂਂਟ ਬਣਾਉਣ ਦੇ ਨਿਰਧਾਰਿਤ ਟੀਚੇ ਨੂੰ ਪ੍ਰਾਪਤ ਕੀਤਾ ਜਾਵੇ। ਉਨ੍ਹਾਂ ਇਹ ਵੀ ਹਦਾਇਤ ਕੀਤੀ ਕਿ ਸਿਹਤ ਕੇਂਦਰਾਂ ਵਿੱਚ ਆ ਰਹੇ ਸਾਰੇ ਓ.ਪੀ.ਡੀ. ਮਰੀਜ਼ਾਂ ਦੇ ਆਭਾ ਅਕਾਊਂਟ ਬਣਾਏ ਜਾਣ।